ਅੰਮ੍ਰਿਤਸਰ- ਕਿਸਾਨਾਂ ਵੱਲੋਂ ਬੰਦ ਦੀ ਕਾਲ ਦਾ ਸਹਾਰਾ ਲੈਂਦਿਆਂ ਕਿਸੇ ਅਗਿਆਤ ਵਿਅਕਤੀ ਵੱਲੋਂ ਇਹ ਸਾਜਿਸ਼ ਤਹਿਤ ਸ਼ਹਿਰ ਦੇ ਰਣਜੀਤ ਐਵੀਨਿਊ ਸੀ ਬਲਾਕ ਵਿੱਚ ਇੱਕ ਕੂੜੇ ਦੇ ਢੇਰ ਤੇ ਵੱਡੀ ਗਿਣਤੀ ਵਿੱਚ ਗੁਰਬਾਣੀ ਦੀਆਂ ਪੋਥੀ ਸੈਂਚੀਆਂ ਖਿਲਾਰ ਦੇਣ ਕਾਰਨ ਗੁਰਬਾਣੀ ਦਾ ਘੋਰ ਨਿਰਾਦਰ ਕੀਤਾ ਗਿਆ ਹੈ। ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਇਸ ਘਟਨਾ ਦਾ ਸਖ਼ਤ ਨੋਟਿਸ ਲਿਆ ਹੈ ਤੇ ਇਸ ਤੇ ਗਹਿਰੇ ਦਾ ਦੁਖ ਦਾ ਇਜ਼ਹਾਰ ਕੀਤਾ ਹੈ। ਉਨ੍ਹਾਂ ਕਿਹਾ ਗੁਰਬਾਣੀ ਦੀਆਂ ਪੋਥੀਆਂ ਗੁਰਬਾਣੀ ਗੁਟਕੇ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨਾਲ ਹੀ ਛੇੜਛਾੜ ਕਿਉਂ ਕੀਤੀ ਜਾਂਦੀ ਹੈ ਜਦ ਕਿ ਬਾਕੀ ਧਰਮਾਂ ਦੇ ਵੀ ਧਾਰਮਿਕ ਗੰਥ ਹਨ। ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਬੜੇ ਦੁਖ ਦੀ ਗੱਲ ਹੈ ਕਿ ਕੁੱਝ ਲੋਕ ਜਾਣ ਬੁੱਝ ਅਜਿਹੀਆਂ ਕੋਝੀਆਂ ਨੀਚ ਕਿਸਮ ਦੀ ਹਰਕਤਾਂ ਕਰਦੇ ਹਨ ਜਿਸ ਨਾਲ ਸਬੰਧਤ ਫਿਰਕੇ ਦੇ ਲੋਕ ਮਨਾਂ ਵਿੱਚ ਧਰਮਿਕ ਪੱਧਰ ਤੇ ਹਿਰਦੇ ਵੇਦਕ ਸੱਟ ਵਜਦੀ ਹੈ। ਜਿਸ ਨਾਲ ਅਮਨ ਅਮਾਨ ਵਸਦੇ ਭਾਈ ਚਾਰਿਆਂ ਵਿੱਚ ਤਨਾਅ ਪੈਦਾ ਹੋ ਜਾਂਦਾ ਹੈ। ਉਨ੍ਹਾਂ ਪ੍ਰਸ਼ਾਸਨ ਨੂੰ ਰੋਸ ਭਰੇ ਲਹਿਜੇ ਵਿੱਚ ਕਿਹਾ ਕਿ ਦੋਸ਼ੀ ਦੀ ਤੁਰੰਤ ਭਾਲ ਕਰਕੇ ਬਣਦੀ ਢੁਕਵੀ ਕਾਰਵਾਈ ਕਰਨੀ ਚਾਹੀਦੀ ਹੈ।